30/10/2024
ਮੈਂ ਸੁਣਿਆ ਹੈ, ਇੱਕ ਬਹੁਤ ਵੱਡਾ ਸੇਠ ਸਮੁੰਦਰ ਦੀ ਯਾਤਰਾ ਤੋਂ ਵਾਪਿਸ ਮੁੜ੍ਹ ਰਿਹਾ ਸੀ। ਖ਼ਤਰਨਾਕ ਤੂਫ਼ਾਨ ਉੱਠਿਆ। ਜਹਾਜ਼ ਹੁਣ ਡੁੱਬਿਆ ਕਿ ਹੁਣ ਡੁੱਬਿਆ, ਅਜਿਹੀ ਹਾਲਤ ਹੋ ਗਈ। ਪਹਿਲਾਂ ਤਾਂ ਉਹ ਹੌਲੀਆਂ-ਹੌਲੀਆਂ ਪ੍ਰਾਰਥਨਾਵਾਂ ਕਰਦਾ ਰਿਹਾ। ਪਰ ਜਦ ਜ਼ਿੰਦਗੀ ਬਿਲਕੁਲ ਮੌਤ ਦੇ ਨੇੜੇ ਆ ਗਈ ਤਾਂ ਉਸ ਨੇ ਕਿਹਾ ਕਿ ਜੇਕਰ ਮੈਂ ਅੱਜ ਬਚ ਗਿਆ, ਹੇ ਪਰਮਾਤਮਾ ਜੇਕਰ ਤੂੰ ਅੱਜ ਬਚਾ ਲਿਆ, ਤਾਂ ਜਿਹੜਾ ਮੇਰਾ ਰਾਜਧਾਨੀ ਵਿੱਚ ਮਹਲ ਹੈ, ਮੈਂ ਉਸ ਨੂੰ ਵੇਚ ਕੇ ਗਰੀਬਾਂ ਵਿੱਚ ਵੰਡ ਦਿਆਂਗਾ। ਤੂਫ਼ਾਨ ਸ਼ਾਂਤ ਹੋ ਗਿਆ। ਜਹਾਜ਼ ਕੰਢੇ ਤੇ ਲੱਗ ਗਿਆ, ਹੁਣ ਉਹ ਸੇਠ ਮੁਸ਼ਕਿਲ ਵਿੱਚ ਪਿਆ ਪਛਤਾਉਣ ਲੱਗਾ ਕਿ ਇਹ ਤੂਫਾਨ ਤਾਂ ਸ਼ਾਂਤ ਹੋ ਹੀ ਜਾਣਾ ਸੀ। ਮੈਂ ਨਾਹਕ ਫਸ ਗਿਆ, ਕਿਉਂਕਿ ਲੋਕਾਂ ਨੇ ਵੀ ਸੁਣ ਲਿਆ ਸੀ, ਉਸ ਨੇ ਐਨੀ ਜ਼ੋਰ ਨਾਲ ਕਿਹਾ ਸੀ। ਉਹ ਵੀ ਇੱਕ ਗ਼ਲਤੀ ਹੋ ਗਈ। ਇਸ ਲਈ ਤਾਂ ਲੋਕ ਚੁੱਪ-ਚਾਪ ਪ੍ਰਾਰਥਨਾ ਕਰਦੇ ਹਨ।
ਸਾਰੇ ਜਹਾਜ਼ ਦੇ ਮੁਸਾਫ਼ਿਰਾਂ ਨੇ ਸੁਣ ਲਿਆ ਅਤੇ ਉਹ ਅਜੇ ਜਹਾਜ਼ ਤੋਂ ਉਤਰੇ ਨਹੀਂ ਸਨ ਕਿ ਸਾਰੇ ਸ਼ਹਿਰ ਵਿੱਚ ਖ਼ਬਰ ਫੈਲ ਗਈ ਕਿ ਫਲਾਣੇ ਸੇਠ ਨੇ ਪ੍ਰਾਰਥਨਾ ਕੀਤੀ ਹੈ ਕਿ ਆਪਣੇ ਮਹਲ ਨੂੰ ਵੇਚ ਕੇ ਗਰੀਬਾਂ ਵਿੱਚ ਵੰਡ ਦੇਵੇਗਾ। ਉਹ ਸੇਠ ਬਹੁਤ ਝੰਝਟ ਵਿੱਚ ਪਿਆ, ਸੋਚ- ਵਿਚਾਰ ਕੀਤਾ।
ਆਖ਼ਰ ਇੱਕ ਦਿਨ ਉਸ ਨੇ ਸ਼ਹਿਰ ਵਿੱਚ ਖ਼ਬਰ ਕਰ ਦਿੱਤੀ ਕਿ ਠੀਕ ਹੈ, ਮਹਲ ਵੇਚਣਾ ਹੈ, ਜਿਸ ਨੇ ਵੀ ਖਰੀਦਣਾ ਹੋਵੇ, ਆ ਜਾਏ। ਦਸ ਲੱਖ ਦਾ ਮਕਾਨ ਸੀ। ਬਹੁਤ ਖ਼ਰੀਦਦਾਰ ਇਕੱਠੇ ਹੋਏ। ਵੱਡਾ ਮਹਲ ਸੀ। ਰਾਜਧਾਨੀ ਵਿੱਚ ਉਸ ਤੋਂ ਵੱਡਾ ਕੋਈ ਮਕਾਨ ਨਹੀਂ ਸੀ। ਸਾਰੇ ਬਹੁਤ ਹੈਰਾਨ ਹੋਏ, ਜਦ ਉਹ ਅਮੀਰ ਨੇ ਐਲਾਨ ਕੀਤਾ ਕਿ ਇਹ ਮਕਾਨ ਅਤੇ ਇਹ ਬਿੱਲੀ ਜਿਹੜੀ ਦਰਵਾਜ਼ੇ ਉਤੇ ਬੰਨ੍ਹੀ ਹੋਈ ਹੈ। ਦੋਵੇਂ ਨਾਲ ਹੀ ਵਿਕਣਗੇ। ਬਿੱਲੀ ਦਾ ਮੁੱਲ ਦਸ ਲੱਖ ਰੁਪਈਏ ਤੇ ਮਕਾਨ ਦਾ ਮੁੱਲ ਇੱਕ ਰੁਪਈਆ ਹੈ। ਪਰ ਵਿਕਣਗੇ ਦੋਵੇਂ ਇਕੱਠੇ।
ਲੋਕ ਬਹੁਤ ਹੈਰਾਨ ਹੋਏ ਕਿ ਇਹ ਕੀ ਪਾਗਲਪਨ ਹੈ? ਬਿੱਲੀ ਦਾ ਮੁੱਲ ਕਦੇ ਸੁਣਿਆ ਹੈ ਦਸ ਲੱਖ? ਅਤੇ ਇਸ ਮਹਲ ਦਾ ਮੁੱਲ ਸਿਰਫ਼ ਇੱਕ ਰੁਪਈਆ? ਪਰ ਲੋਕਾਂ ਨੇ ਕਿਹਾ ਕਿ ਸਾਨੂੰ ਕੀ ਇਸ ਨਾਲ ਮਤਲਬ। ਖ਼ਰੀਦਦਾਰ ਮਿਲ ਗਏ। ਦਸ ਲੱਖ ਦਾ ਮਕਾਨ ਤਾਂ ਸੀ ਹੀ, ਤੇ ਬਿੱਲੀ ਇੱਕ ਰੁਪਈਏ ਦੀ ਸੀ, ਇਸ ਦੇ ਵਿੱਚ ਕੋਈ ਇਹੋ ਜਿਹੀ ਔਖਿਆਈ ਨਹੀਂ ਸੀ। ਸੋ ਦਸ ਲੱਖ ਵਿੱਚ ਬਿੱਲੀ ਖਰੀਦ ਲਈ ਤੇ ਇੱਕ ਰੁਪਏ ਵਿੱਚ ਮਹਲ। ਉਸ ਨੇ ਦਸ ਲੱਖ ਜੇਬ ਵਿੱਚ ਪਾ ਲਏ ਤੇ ਇੱਕ ਰੁਪਈਆ ਗਰੀਬਾਂ ਵਿੱਚ ਵੰਡ ਦਿੱਤਾ। ਕਿਉਂਕਿ ਜਿਹੜਾ ਵਚਨ ਦੇ ਚੁਕਿਆ ਸੀ ਕਿ ਮਹਲ ਨੂੰ ਵੇਚ ਕੇ ਗਰੀਬਾਂ ਵਿੱਚ ਵੰਡ ਦਿਆਂਗਾ, ਉਹ ਪੂਰਾ ਕਰਨਾ ਸੀ।
ਪਰਮਾਤਮਾ ਦੇ ਨਾਲ ਵੀ ਲੋਕ legal (ਕਾਨੂੰਨੀ) ਸੰਬੰਧ ਰੱਖਦੇ ਹਨ। ਜੇ ਮਿਲ ਜਾਏ ਤਾਂ ਉਁਥੇ ਵੀ ਹਿਸਾਬ ਲਾ ਕੇ ਰਾਹ ਕੱਢ ਹੀ ਲੈਂਦੇ ਹਨ। ਨਾਨਕ ਕਹਿੰਦੇ ਹਨ, ਬਹੁਤ ਇਹੋ ਜਿਹੇ ਹਨ ਜਿਹੜੇ ਲੈ ਲੈ ਕੇ ਮੁੱਕਰ ਜਾਂਦੇ ਹਨ। ਮਿਲ ਜਾਂਦਾ ਹੈ, ਤਦ ਕਹਿੰਦੇ ਹਨ, ਸੰਜੋਗ ਦੀ ਗੱਲ ਹੈ। ਇਹ ਤਾਂ ਹੋਣ ਹੀ ਵਾਲਾ ਸੀ। ਹੋ ਗਿਆ। ਬਹੁਤ ਸਾਰੇ ਇਹੋ ਜਿਹੇ ਵੀ ਹਨ, ਜਿਹੜੇ ਏਨਾ ਵੀ ਨਹੀਂ ਕਹਿੰਦੇ। ਗੱਲ ਹੀ ਭੁੱਲ ਜਾਂਦੇ ਹਨ ਕਿ ਕੀ ਮੰਗਿਆ ਕੀ ਮਿਲਿਆ। ਅਸੀਂ ਕਦੇ ਮੰਗਿਆ ਵੀ ਸੀ, ਇਹ ਵੀ ਭੁੱਲ ਜਾਂਦੇ ਹਨ। ਅਹਿਸਾਨ, ਉਸਦੀ ਮਿਹਰ ਵੀ ਨਹੀਂ ਮੰਨਦੇ।
~ ਓਸ਼ੋ (ੴਸਤਿਨਾਮ)