20/04/2016
ਮਹਾਨ ਪ੍ਰਚਾਰਕ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਨ ਤੇ ਵਿਸ਼ੇਸ਼
(ਲੇਖਕ ਮਨਦੀਪ ਸਿੰਘ ਬੱਲੋਪੁਰ)
ਸਮਾਜ ਸੁਧਾਰਕ ਤੇ ਮਹਾਨ ਵਿਦਵਾਨ
* ਗਿਆਨੀ ਦਿੱਤ ਸਿੰਘ ਦਾ ਜਨਮ 21 ਅਪਰੈਲ 1852 ਨੂੰ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿੱਚ ਹੋਇਆ।
* ਉਨ੍ਹਾਂ ਨੇ ਸੰਤ ਗੁਰਬਖ਼ਸ਼ ਸਿੰਘ ਕੋਲ ਪਿੰਡ ਤਿਉੜ ਜ਼ਿਲ੍ਹਾ ਅੰਬਾਲਾ ਵਿੱਚ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ।
* ਉਨ੍ਹਾਂ ਨੇ ਫਾਰਸੀ ਸਿੱਖੀ ਅਤੇ ਪਿੰਗਲ, ਵਿਆਕਰਨ, ਵੇਦਾਂਤ ਅਤੇ ਰਾਜਨੀਤੀ ਆਦਿ ਦੇ ਗ੍ਰੰਥਾਂ ਦਾ ਅਧਿਐਨ ਕੀਤਾ।
* ਉਨ੍ਹਾਂ ਨੇ ਮਨੁੱਖਤਾ, ਮਨੁੱਖੀ-ਗੁਣਾਂ, ਮਨੁੱਖੀ-ਜੀਵਨ-ਆਦਰਸ਼ਾਂ ਆਦਿ ਵਿਸ਼ਿਆਂ ’ਤੇ ਕਈ ਲੈਕਚਰ ਦਿੱਤੇ। ਇਸ ਮਗਰੋਂ ਉਨ੍ਹਾਂ ਨੂੰ ਧਾਰਮਿਕ ਪ੍ਰੋਫ਼ੈਸਰ ਦੀ ਪੱਕੀ ਨੌਕਰੀ ਮਿਲੀ।
* ਗਿਆਨੀ ਦਿੱਤ ਸਿੰਘ ਦਾ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੰਘ ਸਭਾ ਲਹਿਰ ਨੂੰ ਸ਼ੁਰੂ ਕਰਨਾ ਸੀ।
ਗਿਆਨੀ ਦਿੱਤ ਸਿੰਘ ਸਿੱਖ ਕੌਮ ਦੇ ਅਣਥੱਕ ਸੇਵਕ, ਪ੍ਰਸਿੱਧ ਕਵੀ, ਸਮਾਜ ਸੁਧਾਰਕ ਤੇ ਮਹਾਨ ਵਿਦਵਾਨ ਸਨ। ਉਨ੍ਹਾਂ ਦਾ ਜਨਮ 21 ਅਪਰੈਲ 1852 ਨੂੰ ਪਟਿਆਲਾ ਰਿਆਸਤ ਦੇ ਨਗਰ ਨੰਦਪੁਰ ਕਲੌੜ ਵਿੱਚ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿੱਚ ਹੋਇਆ। ਆਪ ਦੇ ਪਿਤਾ ਦਾ ਸੁਭਾਅ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਸਿੱਖੀ ਜੀਵਨ ਆਪ ਨੂੰ ਘਰ ਤੋਂ ਹੀ ਪ੍ਰਾਪਤ ਹੋਇਆ। ਆਪ ਦੇ ਘਰ ਵਿੱਚ ਸਾਧੂ-ਸੰਤਾਂ ਦਾ ਆਉਣਾ-ਜਾਣਾ ਅਕਸਰ ਰਹਿੰਦਾ ਸੀ। ਧਰਮੀ ਪਿਤਾ ਤੇ ਸੰਤ-ਮਹਾਪੁਰਸ਼ਾਂ ਦਾ ਆਪ ਦੇ ਬਾਲ ਮਨ ੳੱੁਤੇ ਵਿਸ਼ੇਸ਼ ਪ੍ਰਭਾਵ ਰਿਹਾ। ਆਪ ਦੀ ਧਾਰਮਿਕ ਲਗਨ ਤੇ ਰੁਚੀ ਨੂੰ ਵੇਖ ਕੇ ਆਪ ਦੇ ਪਿਤਾ ਨੇ ਆਪ ਨੂੰ ਸੰਤ ਗੁਰਬਖ਼ਸ਼ ਸਿੰਘ ਕੋਲ ਪਿੰਡ ਤਿਉੜ ਜ਼ਿਲ੍ਹਾ ਅੰਬਾਲਾ ਵਿੱਚ ਭੇਜ ਦਿੱਤਾ। ਉੱਥੇ ਰਹਿ ਕੇ ਆਪ ਨੇ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ। ਆਪ ਨੇ ਇਸੇ ਡੇਰੇ ਵਿੱਚ ਪਰਸ਼ੀਅਨ ਦੇ ਉਸਤਾਦ ਦਇਆ ਨੰਦ ਖੱਤਰੀ ਕੋਲੋਂ ਪਰਸ਼ੀਅਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਪਿੰਗਲ, ਵਿਆਕਰਨ, ਵੇਦਾਂਤ ਅਤੇ ਰਾਜਨੀਤੀ ਆਦਿ ਦੇ ਗ੍ਰੰਥਾਂ ਦਾ ਅਧਿਐਨ ਕੀਤਾ। ਇਸ ਗੰਭੀਰ ਅਧਿਐਨ ਨੇ ਆਪ ਵਿੱਚ ਹਰੇਕ ਵਿਸ਼ੇ ’ਤੇ ਬਹਿਸ ਕਰਨ ਦੀ ਸਮਰੱਥਾ ਪੈਦਾ ਕਰ ਦਿੱਤੀ।
ਜ਼ਿਲ੍ਹਾ ਅੰਬਾਲਾ ਦੇ ਪਿੰਡ ਤਿਉੜ ਦੇ ਡੇਰੇ ਤੋਂ ਬਾਅਦ ਆਪ ਲਾਹੌਰ ਦੇ ਗੁਲਾਬਦਾਸੀਆਂ ਦੇ ਡੇਰੇ ਵਿੱਚ ਆ ਗਏ। ਇੱਥੇ ਆ ਕੇ ਆਪ ਗੁਲਾਬਦਾਸੀ ਸੰਪ੍ਰਦਾਇ ਦੇ ਬੁਲਾਰੇ ਅਤੇ ਪ੍ਰਚਾਰਕ ਬਣ ਗਏ। ਲਾਹੌਰ ਰਹਿੰਦਿਆਂ ਹੀ ਆਪ ਦੀ ਮੁਲਾਕਾਤ ਓਰੀਐਂਟਲ ਕਾਲਜ ਦੇ ਪੰਜਾਬੀ ਦੇ ਪ੍ਰੋਫ਼ੈਸਰ ਸਰਦਾਰ ਗੁਰਮੁਖ ਸਿੰਘ ਨਾਲ ਹੋਈ। ਪਹਿਲੀ ਮੁਲਾਕਾਤ ਵਿੱਚ ਦੋਵੇਂ ਇੱਕ ਦੂਜੇ ਤੋਂ ਬਹੁਤ ਪ੍ਰਭਾਵਿਤ ਹੋਏ। ਉਸੇ ਸਮੇਂ ਪ੍ਰੋਫ਼ੈਸਰ ਸਾਹਿਬ ਅਤੇ ਆਪ ਦੇ ਵਿਚਕਾਰ ਸਿੱਖ ਕੌਮ ਦੀ ਡੁੱਬਦੀ ਬੇੜੀ ਨੂੰ ਨਿਘਾਰ ਤੋਂ ਬਚਾਉਣ ਬਾਰੇ ਗੱਲ ਚੱਲੀ। ਪ੍ਰੋਫ਼ੈਸਰ ਸਾਹਿਬ ਦੇ ਕਹਿਣ ’ਤੇ ਆਪ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਇਸ ਮਗਰੋਂ ਆਪ ਨੇ ਕਾਲਜ ਦੇ ਪੋਫ਼ੈਸਰਾਂ ਸਾਹਮਣੇ ਮਨੁੱਖਤਾ, ਮਨੁੱਖੀ-ਗੁਣਾਂ, ਮਨੁੱਖੀ-ਜੀਵਨ-ਆਦਰਸ਼ਾਂ ਆਦਿ ਵਿਸ਼ਿਆਂ ’ਤੇ ਕਈ ਲੈਕਚਰ ਦਿੱਤੇ। ਕਾਲਜ ਦਾ ਪ੍ਰਿੰਸੀਪਲ ਆਪ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪ ਨੂੰ ਧਾਰਮਿਕ ਪ੍ਰੋਫ਼ੈਸਰ ਦੀ ਪੱਕੀ ਨੌਕਰੀ ਦੇ ਦਿੱਤੀ। ਇਸ ਤੋਂ ਬਾਅਦ ਚਾਰੇ ਪਾਸੇ ਆਪ ਦੀ ਚਰਚਾ ਹੋਣ ਲੱਗ ਪਈ।
ਗਿਆਨੀ ਦਿੱਤ ਸਿੰਘ ਦਾ ਸਿੱਖ ਧਰਮ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੰਘ ਸਭਾ ਲਹਿਰ ਨੂੰ ਸ਼ੁਰੂ ਕਰਨਾ ਸੀ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਫੋਕੀਆਂ ਰਹੁ ਰੀਤਾਂ ਤੋਂ ਮੁਕਤ ਕਰਵਾਉਣਾ ਸੀ। ਸਿੰਘ ਸਭਾ ਲਹਿਰ ਦਾ ਪ੍ਰਭਾਵ ਦੂਰ-ਦੁਰਾਡੇ ਫੈਲਣ ਮਗਰੋਂ ਆਰੀਆ ਸਮਾਜ ਨੇ ਇਸ ਦੀ ਵਿਰੋਧਤਾ ਕੀਤੀ। ਸਿੰਘ ਸਭਾ ਲਹਿਰ ਦੇ ਬਾਨੀਆਂ ਵਿੱਚੋਂ ਆਪ ਨੇ ਆਰੀਆ ਸਮਾਜ ਦੇ ਸਵਾਮੀ ਦਯਾਨੰਦ ਨਾਲ ਧਰਮ ਦੇ ਵਿਸ਼ੇ ’ਤੇ ਬਹਿਸ ਕਰਨ ਲਈ ਟੱਕਰ ਲਈ। 18 ਅਪਰੈਲ 1877 ਨੂੰ ਸਵਾਮੀ ਦਯਾਨੰਦ ਲਾਹੌਰ ਆਏ ਤਾਂ ਉਨ੍ਹਾਂ ਨੇ ਰਤਨ ਚੰਦ ਦਾਹੜੀਵਾਲੇ ਬਾਗ਼ ਵਿੱਚ ਬਹਿਸਾਂ ਕਰਨੀਆਂ ਸ਼ੁਰੂ ਕੀਤੀਆਂ। ਜਿਹੜਾ ਵਿਅਕਤੀ ਸਵਾਮੀ ਦਯਾਨੰਦ ਦੀ ਗੱਲ ਨਾਲ ਸਹਿਮਤ ਨਹੀਂ ਸੀ ਹੁੰਦਾ, ਉਹ (ਸਵਾਮੀ) ਉਸ ਵਿਅਕਤੀ ਦੀ ਮੂਰਖ ਕਹਿ ਕੇ ਬੇਇੱਜ਼ਤੀ ਕਰ ਦਿੰਦੇ ਸਨ। ਸਵਾਮੀ ਦਯਾਨੰਦ ਦੀਆਂ ਬਹਿਸਾਂ ਦੀ ਹਰ ਪਾਸੇ ਚਰਚਾ ਸੁਣ ਕੇ ਆਪ ਨੇ ਉਨ੍ਹਾਂ ਨਾਲ ਸ੍ਰਿਸ਼ਟੀ ਦੀ ਰਚਨਾ ਦੇ ਵਿਸ਼ੇ ’ਤੇ ਬਹਿਸ ਕੀਤੀ ਅਤੇ ਉਨ੍ਹਾਂ ਦੇ ਅੰਦਰ ਪੈਦਾ ਹੋਏ ਹੰਕਾਰ ਨੂੰ ਤੋੜਿਆ। ਇਸ ਸਬੰਧੀ ਆਪ ਨੇ ਇੱਕ ਪੁਸਤਕ ‘ਮੇਰਾ ਅਤੇ ਸਾਧੂ ਦਯਾਨੰਦ ਜੀ ਦਾ ਸੰਵਾਦ’ ਵੀ ਲਿਖੀ।
ਗਿਆਨੀ ਦਿੱਤ ਸਿੰਘ ਨੇ ਜਾਤ-ਪਾਤ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਦੇ ਵਿਸ਼ਿਆਂ ’ਤੇ ਪੁਸਤਕਾਂ, ਪੈਂਫਲਿਟ ਅਤੇ ਇਸ਼ਤਿਹਾਰ ਛਾਪ ਕੇ ਵੰਡੇ। ਸਿੰਘ ਸਭਾ ਦੇ ਪ੍ਰਚਾਰਕ ਨੇ ‘ਖ਼ਾਲਸਾ ਅਖ਼ਬਾਰ’ ਛਾਪਣਾ ਸ਼ੁਰੂ ਕੀਤਾ ਤੇ ਇਸ ਵਿੱਚ ਸਭ ਤੋਂ ਵੱਧ ਲੇਖ ਆਪ ਹੀ ਲਿਖਦੇ ਸਨ। ਇਸ ਤੋਂ ਇਲਾਵਾ ਉਰਦੂ ਵਿੱਚ ‘ਖ਼ਾਲਸਾ ਗਜ਼ਟ’ ਪ੍ਰਸਿੱਧ ਹੋਇਆ। ਆਪ ਨੇ ‘ਸÉਪਨ ਨਾਟਕ’ ਨਾਂ ਦਾ ਇੱਕ ਨਾਟਕ ਵੀ ਲਿਖਿਆ, ਜਿਸ ਵਿੱਚ ਵਿਅੰਗਾਤਮਕ ਸ਼ੈਲੀ ਵਿੱਚ ਬਾਬਾ ਖੇਮ ਸਿੰਘ ਬੇਦੀ, ਰਾਜਾ ਬਿਕਰਮ ਸਿੰਘ, ਗਿਆਨੀ ਝੰਡਾ ਸਿੰਘ ਆਦਿ ਨੂੰ ਨਾਟਕ ਦੇ ਪਾਤਰ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਅਖੌਤੀ ਸੇਵਾਦਾਰ ਪੰਥ ਨੂੰ ਕਿਵੇਂ ਉਜਾੜਨ ’ਤੇ ਲੱਗੇ ਹੋਏ ਹਨ। ਇਨ੍ਹਾਂ ਅਖੌਤੀ ਸੇਵਾਦਾਰਾਂ ਨੇ ਗੁੱਸੇ ਵਿੱਚ ਆ ਕੇ ਆਪ ’ਤੇ ਮਾਣਹਾਨੀ ਦਾ ਕੇਸ ਕਰ ਕੇ ‘ਖ਼ਾਲਸਾ ਪ੍ਰੈਸ’ ਅਤੇ ‘ਖ਼ਾਲਸਾ ਅਖ਼ਬਾਰ’ ਬੰਦ ਕਰਵਾ ਦਿੱਤੇ ਸਨ। ਇਸ ਕੇਸ ਵਿੱਚ ਆਪ ਨੂੰ 51 ਰੁਪਏ ਜੁਰਮਾਨਾ ਕੀਤਾ ਗਿਆ ਸੀ। ਇੱਕ ਮਈ 1893 ਨੂੰ ‘ਖ਼ਾਲਸਾ ਅਖ਼ਬਾਰ’ ਮੁੜ ਜਾਰੀ ਕੀਤਾ ਗਿਆ ਤੇ ਫਿਰ ਆਪ ਇਸ ਦੇ ਅੱਠ ਸਾਲ ਸੰਪਾਦਕ ਰਹੇ। ਇਸ ਦੇ 2 ਸਾਲ ਮਗਰੋਂ ‘ਖ਼ਾਲਸਾ ਪ੍ਰੈਸ’ ਜਾਰੀ ਕੀਤਾ ਗਿਆ।
ਗਿਆਨੀ ਦਿੱਤ ਸਿੰਘ ਨੇ ਪੰਜਾਬੀ ਸਾਹਿਤ ਦੀ ਝੋਲੀ ਕਾਫ਼ੀ ਪੁਸਤਕਾਂ ਪਾਈਆਂ ਹਨ। ‘ਸਿੱਖ ਬੱਚੇ ਦੀ ਸ਼ਹੀਦੀ’, ‘ਭਾਈ ਤਾਰਾ ਸਿੰਘ ਵਾਈਏ ਦੀ ਸ਼ਹੀਦੀ’, ‘ਭਾਈ ਬੋਤਾ ਸਿੰਘ ਦੀ ਸ਼ਹੀਦੀ’, ‘ਸਿੰਘਣੀਆਂ ਦੇ ਸਿਦਕ’, ‘ਗੁੱਗਾ ਗਪੌੜਾ’, ‘ਦੁਰਗਾ ਪ੍ਰਬੋਧ’ ਆਦਿ ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ।
ਗਿਆਨੀ ਦਿੱਤ ਸਿੰਘ ਨੇ ਆਪਣੇ ਪ੍ਰੋਫ਼ੈਸਰ ਸਾਹਿਬ ਨਾਲ ਮਿਲ ਕੇ ਸਿੱਖ ਵਿੱਦਿਅਕ ਸੰਸਥਾ ਸਥਾਪਤ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ 20 ਫਰਵਰੀ 1890 ਨੂੰ ਇਕੱਤਰਤਾ ਲਈ ਸੱਦਾ ਪੱਤਰ ਭੇਜੇ। ਇਸ ਮੀਟਿੰਗ ਵਿੱਚ ਸਰਦਾਰ ਅਤਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਤੇ ਖ਼ਾਲਸਾ ਕਾਲਜ ਦੀ ਸਥਾਪਨਾ ਲਈ ਕੋਸ਼ਿਸ਼ ਹੋਣ ਲੱਗੀ। ਆਪ ਨੇ ਇਸ ਕਾਲਜ ਲਈ ਅਣਥੱਕ ਮਿਹਨਤ ਕੀਤੀ। ਪੰਜ ਮਾਰਚ 1882 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਨੀਂਹ ਰੱਖੀ ਗਈ। ਇਸ ਕਾਲਜ ਨੂੰ ਵਸਾਉਣ ਲਈ ਆਪ ਦੀ ਮਿਹਨਤ ਨੂੰ ਵੇਖਦਿਆਂ ਕਾਲਜ ਦੇ ਵਿਦਿਆਰਥੀਆਂ ਨੂੰ ਆਪ ਦੇ ਨਾਂ ’ਤੇ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਪਤਨੀ ਦੀ ਮੌਤ ਤੋਂ ਬਾਅਦ ਆਪ ਦਾ ਇੱਕ ਬੇਟਾ ਅਤੇ ਇੱਕ ਬੇਟੀ ਰਹਿ ਗਈ ਸੀ। ਮਗਰੋਂ ਇੱਕ ਭਿਆਨਕ ਬੀਮਾਰੀ ਨੇ ਆਪ ਦੀ ਬੇਟੀ ਵੀ ਖੋਹ ਲਈ ਤੇ ਬੇਟਾ ਬਲਦੇਵ ਸਿੰਘ ਨੂੰ ਆਰਥਿਕ ਤੰਗੀ ਕਾਰਨ ਡਾਕਟਰੀ ਪੜ੍ਹਾਈ ਵਿੱਚ-ਵਿਚਾਲੇ ਹੀ ਛੱਡਣੀ ਪਈ। ਸਿੱਖ ਧਰਮ ਤੇ ਸਮਾਜ ਲਈ ਅਣਥੱਕ ਮਿਹਨਤ ਕਰਦਿਆਂ 6 ਸਤਬੰਰ 1901 ਦੀ ਸਵੇਰ ਨੂੰ ਤਕਰੀਬਨ ਸਾਢੇ ਦਸ ਵਜੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ, ਵਿਦਵਾਨ ਅਤੇ ਸਮਾਜ ਸੁਧਾਰਕ ਗਿਆਨੀ ਦਿੱਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।